ਚੰਡੀਗੜ੍ਹ/25 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੂੰ ਕਿਹਾ ਕਿ ਜੇਕਰ ਉਸ ਨੂੰ ਸੱਚਮੁੱਚ ਕਰਮਚਾਰੀਆਂ ਦਾ ਫਿਕਰ ਹੈ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ 5000 ਹਜ਼ਾਰ ਕਰੋੜ ਰੁਪਏ ਦੇ ਡੀਏ ਬਕਾਏ ਜਾਰੀ ਕਰਨ ਦੀ ਸਿਫਾਰਿਸ਼ ਕਰੇ, ਜਿਹੜੇ ਕਿ 2018 ਤੋਂ ਨਹੀਂ ਦਿੱਤੇ ਗਏ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੋਵਿਡ-19 ਖ਼ਿਲਾਫ ਲੜਾਈ ਵਾਸਤੇ ਫੰਡ ਜੁਟਾਉਣ ਲਈ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਡੀਏ ਵਿਚ ਵਾਧੇ ਉੱੱਤੇ ਲਾਈ ਰੋਕ ਨੂੰ ਅਣਮਨੁੱਖੀ ਅਤੇ ਕਠੋਰ ਕਾਰਵਾਈ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਸਾਂਸਦ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਪੰਜਾਬ ਸਰਕਾਰ ਦੇ ਕਰਮਚਾਰੀਆਂ ਨਾਲ ਹੋਏ ਵਿਤਕਰੇ ਨੂੰ ਕਿਵੇਂ ਵੇਖਦੇ ਹਨ, ਜਿਹਨਾਂ ਨੂੰ ਤਿੰਨ ਸਾਲਾਂ ਤੋਂ ਆਪਣੇ ਡੀਏ ਦਾ 22 ਤੋਂ ਲੈ ਕੇ 26 ਫੀਸਦੀ ਅਜੇ ਤਕ ਨਹੀਂ ਮਿਲਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਡੀਏ ਵਿਚ ਵਾਧਾ ਰੋਕਣ ਵਾਸਤੇ ਕਦਮ ਚੁੱਕਿਆ ਹੈ, ਪਰ ਪੰਜਾਬ ਸਰਕਾਰ ਤਿੰਨ ਸਾਲ ਤੋਂ ਆਪਣੇ ਕਰਮਚਾਰੀਆਂ ਨੂੰ ਡੀਏ ਦੇ ਬਕਾਏ ਨਹੀਂ ਦੇ ਰਹੀ ਹੈ। ਕੀ ਤੁਹਾਡੀ ਆਪਣੀ ਕਥਨੀ ਅਤੇ ਕਰਨੀ ਇੱਕ ਨਹੀਂ ਹੋਣੀ ਚਾਹੀਦੀ ਅਤੇ ਜਿਹੜੀ ਸਲਾਹ ਤੁਸੀਂ ਕੇਂਦਰ ਸਰਕਾਰ ਨੂੰ ਦੇ ਰਹੇ ਹੋ, ਉਸ ਨੂੰ ਪਹਿਲਾਂ ਪੰਜਾਬ ਵਿਚ ਨਹੀਂ ਲਾਗੂ ਕਰਵਾਉਣਾ ਚਾਹੀਦਾ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਕੇਂਦਰ ਵੱਲੋਂ ਡੀਏ ਵਾਧੇ ਉੱਤੇ ਲਾਈ ਰੋਕ ਬਾਰੇ ਬੋਲਣ ਤੋਂ ਪਹਿਲਾਂ ਤੁਸੀਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਦੇ ਕਰਮਚਾਰੀਆਂ ਦੇ ਡੀਏ ਬਕਾਏ ਜਾਰੀ ਕਰਨ ਦੀ ਸ਼ਿਫਾਰਿਸ਼ ਕਰੋ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਲਗਾਤਾਰ ਪੰਜਾਬ ਦੇ ਕਰਮਚਾਰੀਆਂ ਦੇ ਡੀਏ ਬਕਾਏ ਜਾਰੀ ਕੀਤੇ ਜਾਣ ਦੀ ਮੰਗ ਕਰਦਾ ਆ ਰਿਹਾ ਹੈ। ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਵੀ ਉਠਾਇਆ ਗਿਆ ਸੀ। ਮੈਂਨੂੰ ਯਕੀਨ ਹੈ ਕਿ ਤੁਸੀਂ ਇਸ ਦੀਆਂ ਰਿਪੋਰਟਾਂ ਪੜ੍ਹੀਆਂ ਹੋਣੀਆਂ ਹਨ। ਉਹਨਾਂ ਕਿਹਾ ਕਿ ਜੇ ਤੁਹਾਨੂੰ ਸੱਚਮੁੱਚ ਪੰਜਾਬ ਦੇ ਲੋਕਾਂ ਦਾ ਫ਼ਿਕਰ ਹੈ ਤਾਂ ਤੁਹਾਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਸੰਬੰਧੀ ਬਿਲਕੁੱਲ ਵੀ ਦੇਰੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਕੇਂਦਰ ਅਤੇ ਸੂਬਾ ਸਰਕਾਰ ਲਈ ਵੱਖੋ ਵੱਖਰੇ ਨਿਯਮ ਨਹੀਂ ਹੋਣੇ ਚਾਹੀਦੇ।
ਅਕਾਲੀ ਆਗੂ ਨੇ ਰਾਹੁਲ ਗਾਂਧੀ ਨੂੰ ਇਹ ਵੀ ਆਖਿਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਸਾਰੀਆਂ ਨਰਸਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦਾ ਮਸ਼ਵਰਾ ਦੇਣ, ਜਿਹੜੀਆਂ ਐਡਹਾਕ ਕਾਮਿਆਂ ਵਜੋਂ ਕੋਵਿਡ ਖ਼ਿਲਾਫ ਲੜਾਈ ਵਿਚ ਹਿੱਸਾ ਪਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕੋਵਿਡ-19 ਖ਼ਿਲਾਫ ਲੜਾਈ ਵਿਚ ਡਾਕਟਰਾਂ ਦੀ ਸਮਰੱਥਾ ਵਧਾਉਣ ਲਈ ਮੈਡੀਕਲ ਇੰਟਰਜ਼ ਨੂੰ ਸਰਕਾਰੀ ਮੈਡੀਕਲ ਸੇਵਾ ਵਿਚ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੁਹਾਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਦੀ ਤਰਜ਼ ਉੇੱਤੇ ਮੈਡੀਕਲ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ ਦਾ ਮਸ਼ਵਰਾ ਦੇਣਾ ਚਾਹੀਦਾ ਹੈ ਅਤੇ ਅਗਲੀ ਕਤਾਰ ਦੇ ਸਾਰੇ ਸਿਹਤ ਕਾਮਿਆਂ ਦਾ ਬੀਮਾ ਕਰਨ ਲਈ ਕਹਿਣਾ ਚਾਹੀਦਾ ਹੈ।